ਬਰਾੜ ਤੇ ਬੀਰਦਵਿੰਦਰ ਨੇ ਬਾਦਲਾਂ ਤੇ ਕੈਪਟਨ ਖਿਲਾਫ ਮਿਲਾਇਆ ਹੱਥ

2016_5image_09_17_045080000pat-ll

ਪੰਜਾਬ : ਕਾਂਗਰਸ ‘ਚੋਂ ਬਰਖਾਸਤ ਦੋ ਸੀਨੀਅਰ ਆਗੂਆਂ ਬੀਰਦਵਿੰਦਰ ਸਿੰਘ ਤੇ ਜਗਮੀਤ ਸਿੰਘ ਬਰਾੜ ਨੇ ਮੰਗਲਵਾਰ ਨੂੰ ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਪਰਿਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪ. ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਣ ਲਈ ਹੱਥ ਮਿਲਾ ਲਿਆ ਹੈ। ਪੰਜਾਬ ਵਿਚੋਂ ਬਾਦਲ ਤੇ ਕੈਪਟਨ ਪਰਿਵਾਰਾਂ ਦਾ ਸਫਾਇਆ ਕਰਨ ਲਈ ਇਥੇ 2 ਘੰਟੇ ਤੋਂ ਵੱਧ ਸਮੇਂ ਤੱਕ ਕੀਤੀ ਮੀਟਿੰਗ ਉਪਰੰਤ ਦੋਵਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਉਹ ਬਾਦਲਾਂ ਤੇ ਕੈਪਟਨ ਖਿਲਾਫ ਮਾਹੌਲ ਤਿਆਰ ਕਰਨਗੇ।
ਬਰਾੜ ਤੇ ਬੀਰਦਵਿੰਦਰ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਵਿਚ ਸ਼ਮੂਲੀਅਤ ਨਹੀਂ ਕਰਨਗੇ, ਸਗੋਂ ਜਿਸ ਤਰ੍ਹਾਂ ਲੋਕ-ਹਿੱਤਾਂ ਲਈ ਪੰਜਾਬ ਵਿਚ ਪਹਿਲਾਂ ਲੋਕ ਲਹਿਰਾਂ ਉਠਦੀਆਂ ਰਹੀਆਂ ਹਨ, ਉਸੇ ਤਰ੍ਹਾਂ ਦੀ ਲੋਕ-ਲਹਿਰ ਪੈਦਾ ਕਰਨ ਲਈ ਘਰ-ਘਰ ਜਾਣਗੇ। ਮੀਟਿੰਗ ਤੋਂ ਬਾਅਦ ਦੋਵਾਂ ਆਗੂਆਂ ਨੇ 21 ਮਈ ਨੂੰ ਚੱਪੜਚਿੜੀ ਦੇ ਇਕੱਠ ‘ਚ ਸ਼ਮੂਲੀਅਤ ਕਰਨ ਅਤੇ ਪੰਜਾਬ ਦੇ ਤਿੰਨ ਅਹਿਮ ਮੁੱਦਿਆਂ ‘ਤੇ ਸਾਂਝੀ ਰਾਏ ਪ੍ਰਗਟ ਕੀਤੀ।
ਬੀਰਦਵਿੰਦਰ ਸਿੰਘ ਦੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਗ਼ੈਰ-ਲੋਕਤੰਤਰੀ ਢੰਗ ਨਾਲ ਬਿਨਾਂ ਕਾਰਨ ਪਾਰਟੀ ‘ਚੋਂ ਕੱਢ ਕੇ ਪੰਜਾਬ ਅੰਦਰ ਕਾਂਗਰਸ ਦੇ ਤਾਬੂਤ ‘ਚ ਆਖਰੀ ਕਿੱਲ ਠੋਕ ਲਿਆ ਹੈ। ਉਨ੍ਹਾਂ ਕਿਹਾ ਕਿ ਉਹ 2017 ਦੇ ਫੈਸਲਾਕੁੰਨ ਘੋਲ ਵਿਚ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣਗੇ ਅਤੇ ਪਰਿਵਾਰਵਾਦ ਅਤੇ ਹਵੇਲੀਆਂ-ਮਹਿਲਾਂ ਵਾਲਿਆਂ ਦੇ ਚੁੰਗਲ ‘ਚੋਂ ਲੋਕਾਂ ਦਾ ਖਹਿੜਾ ਛੁਡਾਉਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਪੰਜਾਬ ਦੇ ਸਿਆਸੀ ਹਾਲਾਤ ਬਾਰੇ ਲੰਮੀ ਚਰਚਾ ਕੀਤੀ ਤੇ ਤਿੰਨ ਮੁੱਦਿਆਂ ‘ਤੇ ਸਹਿਮਤੀ ਬਣੀ ਕਿ ਲੋਕਾਂ ਨੂੰ ਰਾਜਨੀਤੀ ਨੂੰ ਨਿਲਾਮ ਕਰਨ ਵਾਲੀ ਸਿੰਡੀਕੇਟ ਅਤੇ ਬਾਦਲ-ਕੈਪਟਨ ਦੇ ਪਰਿਵਾਰਵਾਦ ਦੇ ਜੂਲੇ ਹੇਠੋਂ ਕੱਢਿਆ ਜਾਵੇ, ਖੇਤੀਬਾੜੀ ਦੇ ਭਿਆਨਕ ਸੰਕਟ ਹੱਲ ਲਈ ਜ਼ਰੂਰੀ ਕਦਮ ਚੁੱਕੇ ਜਾਣ ਅਤੇ ਪੰਜਾਬ ‘ਚ ਨਸ਼ਿਆਂ ਤੇ ਅੱਤਵਾਦ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ।
ਬਰਾੜ ਨੇ ਬੀਰਦਵਿੰਦਰ ਨੇ ਕਿਹਾ ਕਿ ਜਿਥੇ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕੀਤੀ ਹੈ, ਉਥੇ ਹੀ ਕੈਪ. ਅਮਰਿੰਦਰ ਸਿੰਘ ਨੇ ਅੰਦਰਖਾਤੇ ਬਾਦਲ ਪਰਿਵਾਰ ਨਾਲ ਹੱਥ ਮਿਲਾਇਆ ਹੋਇਆ ਹੈ।
ਬਰਾੜ ਨੇ ਦੱਸਿਆ ਕਿ ਉਹ ਹੁਣ ਤੱਕ ਬੈਂਸ ਭਰਾਵਾਂ ਨਾਲ ਮੀਟਿੰਗ ਕਰ ਚੁੱਕੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇੰਦਰਬੀਰ ਸਿੰਘ ਬੁਲਾਰੀਆ ਵੀ ਉਨ੍ਹਾਂ ਨਾਲ ਸਹਿਯੋਗ ਕਰਨਗੇ ਜਦੋਂ ਕਿ ਹੋਰ ਲੋਕ-ਪੱਖੀ ਧਿਰਾਂ ਨਾਲ ਵੀ ਉਹ ਮੁੱਦਿਆਂ ‘ਤੇ ਸਹਿਮਤੀ ਬਣਾਉਣ ‘ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਕੋਈ ਨਵੀਂ ਰਾਜਨੀਤਕ ਪਾਰਟੀ ਨਹੀਂ ਬਣਾਉਣਗੇ ਪਰੰਤੂ 2017 ‘ਚ ਆਪਣਾ ਅਹਿਮ ਰੋਲ ਜ਼ਰੂਰ ਨਿਭਾਉਣਗੇ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਪੂਰੇ ਮਾਮਲੇ ‘ਚ ਆਪਣੇ ਸਮੱਰਥਕਾਂ ਦੀ ਰਾਇ ਜਾਣਨ ਲਈ 15 ਮਈ ਨੂੰ ਇਕ ਮੀਟਿੰਗ ਵੀ ਸੱਦੀ ਹੈ। ਇਸ ਮੌਕੇ ਸੀਨੀਅਰ ਆਗੁ ਸੰਤ ਸਿੰਘ ਘੱਗਾ ਤੋਂ ਇਲਾਵਾ ਬਰਾੜ ਤੇ ਬੀਰਦਵਿੰਦਰ ਸਿੰਘ ਦੇ ਅਨੇਕਾਂ ਸਮੱਰਥਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>