ਪਰਵਾਸੀ ਪੰਜਾਬੀ ਮੀਡੀਆ ਨੂੰ ਕਾਮਰੇਡੀ ਗੁੜਤੀਆਂ

Untitled-1 copy

ਪਿਛਲੇ 6-7 ਸਾਲਾਂ ਵਿੱਚ ਜਦੋਂ ਦਾ ਸ਼ੋਸ਼ਲ ਮੀਡੀਆ ਦੇ ਯੁੱਗ ਦਾ ਆਗਾਜ ਹੋਇਆ ਹੈ ਤਾਂ ਇਸ ਮੀਡੀਆ ਦੇ ਨਾਲ ਨਾਲ ਟਿੰਟਰਨੈਟ ਦੀ ਵੱਧ ਰਹੀ ਵਰਤੋਂ ਨੇ ਮੀਡੀਆ ਨੇ ਵੀ ਨਵੇਂ ਮਾਧਿਆਮਾ ਨੂੰ ਜਨਮ ਦਿੱਤਾ ਹੈ, ਪਹਿਲਾਂ ਜਿੱਥੇ ਮੀਡੀਆ ਪ੍ਰਿੰਟ ਅਤੇ ਇਲੈਕਟ੍ਰੌਨਿਕ ਤੱਕ ਹੀ ਸੀਮਤ ਸੀ ਹੁਣ ਇਹ ਔਨਲਾਈਨ ਵੀ ਹੋ ਗਿਆ ਹੈ। ਔਨਲਾਈਨ ਮੀਡੀਆ ਵਿੱਚ ਪਹਿਲਾਂ ਪਹਿਲ ਖਬਰਾਂ ਦੀਆਂ ਵੈਬਸਾਇਟਾਂ ਦਾ ਆਗਾਜ ਹੋਇਆ ਫਿਰ ਰੇਡੀਓ ਦਾ ਤੇ ਹੁਣ ਲਾਈਵ ਟੀ ਵੀ ਦਾ । ਲੰਮੇਂ ਸਮੇਂ ਤੋਂ ਵਧੀਆ ਅਤੇ ਉਸਾਰੂ ਮੀਡੀਆ ਲਈ ਤਰਸ ਰਹੇ ਪੰਜਾਬੀ ਭਾਈਚਾਰੇ ਖਾਸ ਕਰਕੇ ਪਰਵਾਸੀ ਪੰਜਾਬੀ ਭਾਈਚਾਰੇ ਲਈ ਤਾਂ ਇਹ ਨਵੇਂ ਮਾਧਿਅਮ ਇਕ ਤਰੀਕੇ ਦੇ ਵਰਦਾਨ ਸਿੱਧ ਹੋਏ ਕਿਉਂਕਿ ਇਹਨਾਂ ਨਾਲ ਉਹਨਾਂ ਦੀ ਪਹੁੰਚ ਦਾ ਦਾਇਰਾ ਇਕ ਖਿਤੇ ਤੋਂ ਵੱਧ ਕੇ ਕੁੱਲ ਦੁਨੀਆਂ ਤੱਕ ਫੈਲ ਗਿਆ। ਪਹਿਲਾਂ ਸਿਰਫ ਆਪਣੇ ਸ਼ਹਿਰਾਂ ਤੱਕ ਹੀ ਸੀਮਤ ਪੰਜਾਬੀ ਰੇਡੀਓ ਸ਼ਟੇਸ਼ਨ ਦਾ ਆਲਮ ਅੱਜ ਇਹ ਹੈ ਕਿ ਚੱਲਦੇ ਪ੍ਰੋਗਰਾਮ ਵਿੱਚ ਕਈ ਵਾਰ ਸੰਚਾਲਕਾਂ ਨੂੰ ਇਹੋ ਜਿਹੇ ਦੇਸ਼ਾਂ ਤੋਂ ਵੀ ਕਾਲਾ ਆ ਜਾਦੀਆਂ ਹਨ ਜਿਹੜੀਆਂ ਕਿਸੇ ਨੇ ਚਿਤਵੀਆਂ ਵੀ ਨਹੀਂ ਹੁੰਦੀਆਂ। ਪੰਜਾਬੀ ਭਾਈਚਾਰੇ ਵਿੱਚ ਬਹੁਤੀ ਵਸੋਂ ਸਿੱਖਾਂ ਦੀ ਹੋਣ ਕਰਕੇ ਸਿੱਖ ਭਾਈਚਾਰੇ ਨੇ ਇਸ ਨਵੇਂ ਮੀਡੀਆ ਨੂੰ ਹੋਰ ਵੀ ਉਤਸ਼ਾਹ ਨਾਲ ਲਿਆ ਹੈ ਕਿਉਕਿ ਉਹਨਾਂ ਦਾ ਅਕਸਰ ਇਹ ਜਾਇਜ ਗਿਲਾ ਰਿਹਾ ਹੈ ਕਿ ਸਮੇਂ ਸਮੇਂ ਦੀ ਮੀਡੀਆ ਖਾਸ ਕਰ ਭਾਰਤੀ ਉਪ ਮਹਾਂਦੀਪ ਦੇ ਮੀਡੀਏ ਨੇ ਉਹਨਾਂ ਨਾਲ ਇਨਸਾਫ ਨਹੀਂ ਕੀਤਾ ਅਤੇ ਉਹਨਾਂ ਦੇ ਮੁੱਦਿਆ ਨੂੰ ਜਾਣ ਬੁੱਝ ਕੇ ਨਜਰਅੰਦਾਜ਼ ਕੀਤਾ ਹੈ । ਸੋ ਉਹਨਾਂ ਇਸ ਸੋਚ ਨਾਲ ਕੀ ਇਹਨਾਂ ਨਵੇਂ ਮਾਧਿਆਮਾ ਰਾਹੀਂ ਉਹ ਵੀ ਆਪਣੀ ਗੱਲ ਰੱਖ ਸਕਦੇ ਹਨ ਵੱਖ ਵੱਖ ਦੇਸ਼ਾਂ ਵਿੱਚ ਆਨਲਾਇਨ ਰੇਡੀਓ ਚੈਨਲ ਸ਼ੁਰੂ ਕਰ ਦਿੱਤੇ।
ਪਰਵਾਸੀਆਂ ਨੇ ਇਹ ਰੇਡੀਓ ਤੇ ਟੀ ਵੀ ਚੈਨਲ ਤਾਂ ਸ਼ੁਰੂ ਕੀਤੇ ਸੀ ਕਿ ਉਹਨਾਂ ਦੇ ਦੂਰ ਦੇਸ਼ ਵਸਾਏ ਨਵੇਂ ਪੰਜਾਬਾਂ ਵਿੱਚ ਪੰਜਾਬ ਦੀ ਸਿਆਸੀ , ਸਭਿਆਚਾਰਕ ਤੇ ਧਾਰਮਿਕ ਮਹਿਕ ਕਾਇਮ ਰਹਿ ਸਕੇ ਅਤੇ ਹੱਡ ਭੰਨਵੀਂ ਮਜਦੂਰੀ ਕਰ ਰਹੇ ਭਾਈਚਾਰੇ ਲਈ ਵੀ ਇਹ ਰੇਡੀਓ ਉਹਨਾਂ ਦੀ ਮਾਨਸਿਕ ਇਕੱਲਤਾ ਦੂਰ ਕਰਨ ਦਾ ਸਾਧਨ ਬਣ ਸਕਣ। ਉਪਰਾਲਾ ਬਹੁਤ ਹੀ ਵਧੀਆ ਸੀ ਤੇ ਹੈ ਵੀ ਪਰ ਪਰਵਾਸੀ ਪੱਤਰਕਾਰੀ ਔਨਲਾਈਨ ਰਿਪੋਟਿੰਗ ਦੇ ਆਗਾਜ ਵਿੱਚ ਹੀ ਇੱਕ ਵੱਡੀ ਕੁਤਾਹੀ ਇਹ ਕਰ ਬੈਠਾ ਤੇ ਉਸ ਸੀ ਕਿ ਇਸ ਨਵ ਜੱਮੇ ਪਰਵਾਸੀ ਮੀਡੀਏ ਨੂੰ ਜਾਣੇ ਅਣਜਾਣੇ ਕਾਮਰੇਡੀ ਗੁੜਤੀ ਦੇ ਬੈਠਾ। ਉਸ ਸੋਚ ਦੀ ਗੁੜਤੀ ਦੇ ਬੈਠ ਜਿਹੜੀ ਗੁਰਾਂ ਦੇ ਨਾਂ ਵਸਦੇ ਪੰਜਾਬ ਨੂੰ ਰਾਸ਼ਟਰਵਾਦੀ ੲੈਨਕਾਂ ਨਾਲ ਹੀ ਹੁਣ ਤੱਕ ਦੇਖਦੀ ਆਈ ਹੈ । ਜਿਸ ਨੂੰ ਪੰਜਾਬ ਦੀ ਨੌਜਵਾਨ ਦੀ ਪੁੰਗਰਦੀ ਦਾਹੜੀ ਤੋਂ ਹੀ ਵੱਖਵਾਦ ਦਿੱਸਦਾ ਹੈ। ਜੋ ਮੁੱਖੀ ਅਧਿਕਾਰਾਂ ਦੇ ਘਾਣ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਦੇ ਨਾਮ ਹੇਠ ਜਾਇਜ ਸਮਝਦੀ ਹੈ। ਉਹ ਸੋਚ ਜਿਹੜੀ ਗੁਰੁ ਪੀਰਾਂ ਦੀ ਧਰਤੀ ਪੰਜਾਬ ਦੀਆਂ ਧਾਰਮਿਕ ਰੋਹ ਰੀਤਾਂ ਤੇ ਰਵਾਇਤਾਂ ਤੇ ਦਿਨ ਰਾਤ ਕਟਾਕਸ਼ ਕਰਦੀ ਹੈ ਤੇ ਖੁੱਦ ਸਵਾਸ ਰਹਿਤ ਹੋਈਆਂ ਦੇਹਾਂ ਨੂੰ ਵੀ ਆਪਣੀ ਅਖੌਤੀ ਕ੍ਰਾਤੀਂ ਦੇ ਚਿਂਨ ਵੱਜੋਂ ਰੂਸ ਦੇ ਠੰਡੇ ਵਾਤਾਵਰਣ ਵਿੱਚ ਸ਼ੀਸ਼ੇ ਚ ਜੜ ਕੇ ਰੱਖਦੀ ਹੈ। ਸੋ ਇਹੋ ਜਿਹੀ ਸੋਚ ਦੀ ਗੁੜਤੀ ਤੋਂ ਪੁੰਗਰੀ ਪੱਤਰਕਾਰੀ ਦਾ ਹੀ ਅਸਰ ਸੀ ਕਿ ਪਰਵਾਸੀ ਪੰਜਾਬੀਆਂ ਦੀ ਦੇਸ਼ ਪੰਜਾਬ ਪ੍ਰਤੀ ਧੁਰ ਅੰਦਰੋਂ ਉਠਦੀ ਸੋਚ ਤੇ ਰਾਸ਼ਟਵਾਦ ਦਾ ਪਾਣੀ ਚੜ ਗਿਆ ਅਤੇ ਉਹ ਇਹੋ ਜਿਹੀ ਜਮਾਤ ਦੀ ਕਾਮਨਾ ਕਰਨ ਲੱਗੇ ਜੋ ਭਲਾ ਤਾਂ ਪੰਜਾਬ ਦਾ ਕਰੇ ਪਰ ਹੋਵੇਂ ਦਿੱਲੀ ਤੋਂ ਚਲਦੀ। ਅਤੇ ਇਸ ਸੋਚ ਨੂੰ ਅਮਲੀ ਜਾਮਾ ਪਾਉਣ ਲਈ ਉਹਨਾਂ ਆਪਣ ਕੀਮਤੀ ਸਮਾਂ ਅਤੇ ਆਪਣੇ ਖੂਨ ਪਸੀਨੇ ਨਾਲ ਕਮਾਏ ਲੱਖਾਂ ਡਾਲਰ ਅਜਾਈ ਗਵਾ ਦਿੱਤੇ । ਅਤੇ ਨਿਰਾਸ਼ਾ ਤੋਂ ਬਿਨਾਂ ਉਹਨਾਂ ਪੱਲੇ ਕੁਝ ਨਹੀਂ ਪਿਆ।
ਕਾਮਰੇਡੀ ਗੁੜਤੀ ਤੋਂ ਜਵਾਨ ਹੋਏ ਇਹਨਾਂ ਕੱਚ ਕਰੜ ਪੱਤਰਕਾਰਾਂ ਨੇ ਜੋ ਕਿ ਜਲੰਧਰ ਤੋਂ ਛਪਦੇ ਇਕ ਅਖਬਾਰ ਦੇ ਸੰਪਾਦਕ ਨੂੰ ਪੰਜਾਬੀ ਪੱਤਰਕਾਰੀ ਦਾ “ਬਾਬ ਬੋਹੜ” ਮੰਨਦੇ ਹੋਏ ਉਸਦੇ ਰੇਡੀਓ ਟੀ ਵੀ ਤੇ ਖਬਰਾਂ ਤੇ ਤਪਸਰਾ ਕਰਨ ਦੇ ਸਟਾਈਲ ਨੂੰ ਇਨੰ ਬਿੰਨ ਕਾਪੀ ਵੀ ਕਰਦੇ ਹਨ । ਕਈ ਹੋਣਹਾਰ ਤਾਂ ਪਹਿਲਾਂ ਕਿਸੇ ਰੇਡੀਓ ਸ਼ਟੇਸ਼ਨ ਤੇ ਆਪਣੇ ਇਸ ਅਖੌਤੀ ਬਾਬੇ ਬੋਹੜ ਦੀਆਂ ਖਬਰਾਂ ਸੁਣ ਕੇ ਫੇਰ ਦੂਸਰੇ ਸਟੇਸ਼ਨ ਤੇ ਜਾ ਕੇ ਆਪ ਪੜ ਦਿੰਦੇ ਹਨ । ਇਹਨਾਂ ਦੇ ਇਹੋ ਜਿਹੇ ਇਕਸੁਰਤਾ ਵਾਲੇ ਹਕੀਕਤ ਦੋ ਦੂਰ ਇਕ ਪਾਸੜ ਖਬਰਾਂ ਦੇਣ ਦੇ ਢੰਗ ਨੇ ਹੀ ਪਰਵਾਸੀ ਪੰਜਾਬੀਆਂ ਅੰਦਰ ਕੇਵਲ ਸਿਆਸੀ ਦੋਚਿੱਤੀ ਹੀ ਨਹੀਂ ਸਗੋਂ ਧਾਰਮਿਕ ਦੋਚਿੱਤੀ ਪੈਦਾ ਕਰਨ ਵਿੱਚ ਵੀ ਅਹਿਮ ਰੋਲ ਅਦਾ ਕੀਤਾ ਹੈ। ਬਹੁਤਾ ਦੂਰ ਨਾਂ ਜਾਂਦੇ ਹੋਏ ਜੇਕਰ ਪਿਛਲੇ ਇਕ ਦੋ ਸਾਲ ਦੇ ਧਾਰਮਿਕ ਘਟਨਾਚੱਕਰ ਦੇ ਪੰਛੀ ਝਾਤ ਮਾਰੀਏ ਤਾਂ ਕਦੇ ਪਹਿਲਾਂ ਇਹ ਬਾਦਲ ਦਲ ਦੇ ਥਾਪੇ ਜਥੇਦਾਰਾਂ ਅਤੇ ਉਹਨਾਂ ਦੀ ਅਗਵਾਈ ਹੇਠਲੀ ਸ਼੍ਰੋਮਣੀ ਕਮੇਟੀ ਦੇ ਵਿਰੋਧ ਵਿੱਚ ਬੋਲਦੇ ਰਹੇ ਤੇ ਜਦੋਂ ਪੰਥ ਨੇ ਸਰਬੱਤ ਖਾਲਸਾ ਕਰਕੇ ਆਪਣੇ ਜਥੇਦਾਰ ਥਾਪ ਲਏ ਤਾਂ ਫਿਰ ਇਹਨਾਂ ਨੇ ਮਿੰਟੋ ਮਿੰਟੀ ਯੂ ਟਰਨ ਮਾਰ ਕੇ ਉਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਪਿਹਲਾਂ ਵਾਲੇ ਜਥੇਦਾਰਾਂ ਜਿਨਾਂ ਨੂੰ ਸੰਗਤ ਨਕਾਰ ਚੁੱਕੀ ਸੀ ਉਹਨਾਂ ਦੀ ਖਬਰਾਂ ਸੁਣਾਉਣ ਲੱਗ ਪਏ। ਭੋਲੇ ਪਰਵਾਸੀਆਂ ਨੂੰ ਲੱਗਿਆ ਕਿ ਸ਼ਾਇਦ ਇਹ ਨਿਰਪੱਖ ਪੱਤਰਕਾਰੀ ਕਰ ਰਹੇ ਹਨ ਪਰ ਅਸਲ ਵਿੱਚ ਤਾਂ ਉਹ ਆਪਣੇ ਗੌਡਫਾਦਰ ਅਖੌਤੀ ਬਾਬੇ ਬੋਹੜ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਸਿੱਖ ਸਮਾਜ ਵਿੱਚ ਧਾਰਮਿਕ ਦੋਚਿੱਤੀ ਪੈਦਾ ਕਰ ਰਹੇ ਸਨ। ਇਨੰ ਬਿੰਨ ਇਹੋ ਪੈਮਾਨਾ ਇਹਨਾਂ ਬਹਿਬਲ ਕਲਾਂ ਗੋਲੀ ਕਾਂਢ ਤੋਂ ਉਪਜੇ ਸ਼ੰਘਰਸ਼ ਵਿੱਚ ਅਦਾ ਕੀਤਾ ਅਤੇ ਸਿੱਖ ਕੌਮ ਅੱਜ ਤੱਕ ਇਹੋ ਸਮਝਦੀ ਹੈ ਕਿ ਨਾ ਸਾਡੇ ਪਰਚਾਰਕ ਚੱਜ ਦੇ ਹਨ ਨਾ ਸਾਡੇ ਸਿਆਸੀ ਲੀਡਰ।
ਜਰਮਨ ਵਿੱਚ ਜਦੋਂ ਸਿੱਖਾਂ ਦੇ ਵਿੱਚ ਆਪਸੀ ਮਾਮੂਲੀ ਝੜਪ ਹੋਈ ਤਾਂ ਇਹਨਾਂ ਗੁੜਤੀਧਾਰੀ ਪੱਤਰਕਾਰਾਂ ਤੇ ਉਹਨਾਂ ਦੇ ਅਖੌਤੀ ਬਾਬੇ ਬੋਹੜ ਨੇ ਵੱਖ ਵੱਖ ਰੇਡੀਓ ਸ਼ਟੇਸ਼ਨਾ ਤੇ ਕਈ ਦਿਨ ਲਗਾਤਾਰ ਇਸ ਗੱਲ ਦੀ ਹਾਲ ਦੁਹਾਈ ਪਾਈ ਕਿ ਜੀ ਸਿੱਖਾਂ ਦੀ ਦੁਨੀਆਂ ਪੱਧਰ ਤੇ ਬਹੁਤ ਬਦਨਾਮੀ ਹੋਈ ਹੈ ਅਤੇ ਇਹਨਾਂ ਦਾ ਅਖੌਤੀ ਬਾਬ ਬੋਹੜ ਜਿਸਨੇ ਆਪ ਸਾਰੀ ਉਮਰ ਕਦੇ ਪੱਗ ਨਹੀਂ ਬੰਨੀ ਉਹ ਬਾਕੀ ਖਬਰਾਂ ਤੋਂ ਪਹਿਲਾਂ ਰੇਡੀਓ ਤੇ ਇਹ ਖਬਰ ਬਾਰ ਬਾਰ ਸੁਣਾ ਰਿਹਾ ਸੀ ਕਿ ਉਹ ਪੱਗਾਂ ਲੱਥਣ ਕਰਕੇ ਬਹੁਤ ਦੁਖੀ ਹੈ। ਇਕ ਸੋਚੀ ਸਮਝਦੀ ਰਣਨਿਤੀ ਤਹਿਤ ਸੁਣਾਈਆਂ ਜਾ ਰਹੀਆਂ ਇਹਨਾਂ ਖਬਰਾਂ ਨੂੰ ਸੁਣਕੇ ਪਰਵਾਸੀ ਵੀਰ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਇਹ ਪੱਤਰਕਾਰ ਤਾਂ ਸਿੱਖੀ ਦਾ ਬਹੁਤ ਵੱਡਾ ਮੁੱਦਈ ਹੈ। ਖੈਰ ਇਸੇ ਭੁਲੇਖੇ ਦਾ ਸ਼ਿਕਾਰ ਉਹਨਾਂ ਵੀਰਾਂ ਨੂੰ ਉਦੋ ਬਹੁਤ ਵੱਡਾ ਝੱਟਕਾ ਲੱਗਿਆ ਜਦੋਂ ਇਸੇ ਅਖੌਤੀ ਬਾਬੇ ਬੋਹੜ ਨੇ ਕੇ ਪੀ ਗਿੱਲ ਦੀ ਮੌਤ ਤੋਂ ਬਾਅਦ ਉਸਦੇ ਸੋਹਲੇ ਗਾਏ। ੍ਹੁਣ ਉਹ ਸ਼ੋਸ਼ਲ ਮੀਡੀਆ ਤੇ ਹਾਏ ਕੁਰਲਾਪ ਕਰ ਰਹੇ ਹਨ ਪਰ ਮੀਡੀਆ ਦੇ ਪਿਛਲੇ 32 ਸਾਲਾ ਦੇ ਰੋਲ ਤੇ ਨਿਗਾਹ ਰੱਖਣ ਵਾਲਿਆਂ ਨੂੰ ਕਾਮਰੇਡੀ ਬਾਬਾ ਬੋਹੜ ਦੇ ਇਸ ਤਪਸਰੇ ਨਾਲ ਕੋਈ ਹੈਰਾਨੀ ਨਹੀਂ ਹੋਈ ਕਿਉੇਕਿ ਇਹ ਕਮ ਤਾਂ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਕਰ ਰਿਹਾ ਹੈ। ਜੇਕਰ ਕੋਈ ਸਾਡਾ ਪਾਠਕ ਇਸ ਅਖੌਤੀ ਬਾਬੇ ਬੋਹੜ ਦੀਆਂ ਖਬਰਾਂ ਪਿਛਲੇ ਇਕ ਦੋ ਸਾਲ ਤੋਂ ਲਗਾਤਾਰ ਸੁਣ ਰਿਹਾ ਹੋਵੇ ਤਾਂ ਉਹ ਜਾਣਦਾ ਹੋਵੇਗਾ ਕਿ ਇਹ ਹਰ ਹਫਤੇ ਆਪਣੀਆਂ ਖਬਰਾਂ ਵਿੱਚ ਪਾਕਿਸਤਾਨ ਦੇ ਮੰਦੇ ਹਾਲ ਅਤੇ ਉਸਦੇ ਬੁਰੀ ਤਰਾਂ ਟੁੱਟ ਜਾਣ ਜਾਂ ਖਾਨਾਜੰਗੀ ਦਾ ਸ਼ਿਕਾਰ ਹੋ ਜਾਣ ਦੀਆਂ ਖਬਰਾਂ ਸੁਣਾਉਦਾ ਆ ਰਿਹਾ ਹੈ ਤੇ ਇਹੋ ਜਿਹੀਆਂ ਖਬਰਾਂ ਸੁਣ ਕੇ ਰਾਸ਼ਟਰਵਾਦੀ ਭਗਤ ਵਿਚਾਰੇ ਰੋਜ ਪਾਕਿਸਤਾਨ ਵਾਲੇ ਪਾਸਿਓ ਖੁਸ਼ਖਬਰੀ ਦੀ ਆਸ ਲਾ ਬੈਠਦੇ ਹਨ ਪਰ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਇਹ ਪੱਤਰਕਾਰ ਨਹੀਂ ਯੱਕੜਮਾਰ ਹੈ। ਇਸ ਅਖੌਤੀ ਬਾਬੇ ਬੋਹੜ ਨੇ ਤਾਂ ਕਸ਼ਮੀਰ ਵਿੱਚ ਫੌਜ ਵੱਲੋਂ ਜੀਪ ਨਾਲ ਬੰਨੇ ਨੌਜਵਾਨ ਲਈ ਵੀ ਪੈਂਦੀ ਸੱਟੇ ਕਹਿ ਦਿੱਤਾ ਸੀ ਕਿ ਵੀਡੀਓ ਨਕਲੀ ਹੈ ਜਾ ਕਿਸੇ ਹੋਰ ਦੇਸ਼ ਦੀ ਹੈ।
ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ ਗੁੜਤੀਆਂ ਵਾਲੇ ਇਹ ਪੱਤਰਕਾਰਾਂ ਦੀ ਭਰਮਾਰ ਨਿਰੋਲ ਸਿੱਖ ਸੋਚ ਨੂੰ ਲੈ ਕੇ ਚੱਲੇ ਰੇਡੀਓ ਸ਼ਟੇਸ਼ਨਾਂ ਤੇ ਵੀ ਦੇਖਣ ਨੂੰ ਮਿਲ ਰਹੀ ਹੈ , ਇਸਦੇ ਕਈ ਕਾਰਨ ਹੋ ਸਕਦੇ ਹਨ। ਇਕ ਕਾਰਨ ਤਾਂ ਇਹ ਵੀ ਹੈ ਕਿ ਪੰਜਾਬ ਦੇ ਅਖਬਾਰਾਂ ਵਿੱਚੋਂ ਇੱਕਾ ਦੁੱਕਾ ਅਖਬਾਰਾਂ ਨੂੰ ਛੱਡਕੇ ਬਹੁਤੇ ਸਰਕਾਰੀ ਸੋਚ ਮੁਤਾਬਿਕ ਖਬਰਾਂ ਦੇਣ ਵਾਲੇ ਹੀ ਹਨ ਅਤੇ ਉਹਨਾਂ ਅਖਬਾਰਾਂ ਦੇ ਪੱਤਰਕਾਰ ਵੀ ਕਿਸੇ ਯੋਗਤਾ ਨਹੀਂ ਸਪਲੀਮੈਂਟ ਵਿੱਚੋਂ ਨਿਕਲਦੇ ਹਨ । ਅਤੇ ਸਪਲੀਮੈਂਟ ਕੱਲਚਰ ਵਿੱਚ ਸਿੱਖ ਅਸੂਲਾ ਤੇ ਚੱਲਣ ਵਾਲਾ ਪੱਤਰਕਾਰ ਛੇਤੀ ਕਿਤੇ ਫਿੱਟ ਨਹੀਂ ਬੈਠਦਾ ਅਤੇ ਇਹਨਾਂ ਪੱਤਰਕਾਰਾਂ ਵਿੱਚੋਂ ਹੀ ਅੱਗੇ ਚੱਲਕੇ ਬਹਤੇ ਵਿਦੇਸ਼ੀ ਰੇਡੀਓ ਸ਼ਟੇਸ਼ਨਾ ਤੇ ਖਬਰਾਂ ਪੜਨਾ ਸ਼ੁਰੂ ਕਰ ਦਿੰਦੇ ਹਨ ਦੂਸਰਾ ਵੱਡਾ ਕਾਰਨ ਇਹ ਵੀ ਹੈ ਕਿ ਕਿ ਸਿੱਖ ਨੌਜਵਾਨ ਅੱਜ ਦੇ ਟਾਈਮ ਇਸ ਖੇਤਰ ਵੱਲ ਪ੍ਰੋਫੈਸ਼ਨਲ ਸੋਚ ਨਾਲ ਨਹੀਂ ਬਲਕਿ ਜਜਬਾਤੀ ਸੋਚ ਨਾਲ ਹੀ ਵਿਚਰ ਰਹੇ ਹਨ ਜਦੋਂ ਕਿ ਪਰਵਾਸੀ ਸਿੱਖ ਮੀਡੀਆ ਨੂੰ ਇਸ ਸਮੇਂ ਪੂਰਨ ਰੂਪ ਵਿੱਚ ਇਸ ਕਿੱਤੇ ਨੂੰ ਸਮਰਪਿੱਤ ਕਿੱਤਾਮੁੱਖੀ ਨੌਜਵਾਨੀ ਦੀ ਬਹੁਤ ਲੋੜ ਹੈ ਤਾਂ ਜੋ ਪਰਵਾਸੀ ਪੰਜਾਬੀ ਤੇ ਖਾਸਕਰ ਸਿੱਖ ਸਮਾਜ ਅੰਦਰਲੀ ਆਪਣੇ ਧੁਰੇ ਨਾਲ ਜੁੜੇ ਰਹਿਣ ਦੀ ਇਸ ਤਾਂਘ ਨੂੰ ਸਹੀ ਅਤੇ ਸਟੀਕ ਹਰ ਕਿਸਮ ਦੇ ਰਾਸ਼ਟਵਾਦ ਤੋਂ ਮੁਕਤ ਖਬਰਾਂ ਅਤੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ ਅਤੇ ਆਉਣ ਵਾਲੀ ਪੀੜੀ ਮੌਜੂਦਾ ਪੀੜੀ ਵਾਂਗੂ ਕਿਸੇ ਦੋਚਿੱਤੀ ਦਾ ਸ਼ਿਕਾਰ ਨਾ ਹੋਵੇ ਅਤੇ ਨਾ ਹੀਂ ਉਹ ਟਾਕ ਬੈਕ ਸ਼ੋਅ ਵਿੱਚ ਕਿਸੇ 10ਵੀਂ ਪਾਸ “ਬਾਬੇ ਬੋਹੜ” ਦੇ ਆਸ਼ੀਰਵਾਦ ਨਾਲ ਬਣੇ ਪੱਤਰਕਾਰ ਨੂੰ ਫੋਨ ਕਰਕੇ ਆਪਣੇ ਸਿਆਸੀ ਅਤੇ ਧਾਰਮਿਕ ਸਵਾਲਾ ਦੇ ਜਵਾਬ ਤਲਾਸ਼ੇ।
—————————————- ਹਰਕਮਲ ਸਿੰਘ ਬਾਠ
ਮੈਲਬੌਰਨ
30/05/17

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>