ਆਸਟ੍ਰੇਲੀਆ ‘ਚ ਸੌਖਾ ਨਹੀਂ ਕਿਰਾਏਦਾਰ ਵਜੋਂ ਰਹਿਣਾ – ਸਰਤਾਜ ਧੌਲ

Untitled

Untitled

ਆਸਟ੍ਰੇਲੀਆ ‘ਚ ਵੱਖ-ਵੱਖ ਦੇਸ਼ਾਂ ‘ਚੋਂ ਵਿਦਿਆਰਥੀ, ਸੈਲਾਨੀ ਅਤੇ ਹੋਰ ਕਈ ਤਰ੍ਹਾਂ ਦੇ ਵੀਜ਼ਿਆਂ ‘ਤੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਜਿੰਨਾ ਲੰਮਾ ਸਮਾਂ ਇਥੇ ਰਹਿਣਾ ਹੁੰਦਾ, ਉਹ ਹੋਟਲਾਂ ਆਦਿ ‘ਚ ਰਹਿਣ ਦੀ ਬਜਾਏ ਕਿਰਾਏ ਦੇ ਘਰਾਂ ‘ਚ ਰਹਿਣਾ ਪਸੰਦ ਕਰਦੇ ਹਨ। ਇਥੇ ਜਦੋਂ ਵੀ ਘਰ ਕਿਰਾਏ ‘ਤੇ ਲੈਣਾ ਹੋਵੇ ਤਾਂ ਰੀਅਲ ਅਸਟੇਟ ਕੰਪਨੀਆਂ ਰਾਹੀਂ ਜਾਂ ਫਿਰ ਸਿੱਧਾ ਘਰ ਦੇ ਮਾਲਕ ਰਾਹੀਂ ਲਿਆ ਜਾ ਸਕਦਾ ਹੈ ਪਰ ਜ਼ਿਆਦਾਤਰ ਇਥੇ ਘਰ ਰੀਅਲ ਅਸਟੇਟ ਰਾਹੀਂ ਹੀ ਲਏ ਜਾਂਦੇ ਹਨ। ਰੀਅਲ ਅਸਟੇਟ ਨੇ ਸਾਰਾ ਪੇਪਰ ਵਰਕ ਕਰਕੇ ਹੀ ਘਰ ਕਿਰਾਏ ‘ਤੇ ਚਡ਼੍ਹਾਉਣਾ ਹੁੰਦਾ ਹੈ। ਇਸ ਕਰਕੇ ਘਰਾਂ ਦੇ ਮਾਲਕ ਸਾਰੀ ਸਿਰਦਰਦੀ ਉਨ੍ਹਾਂ ਨੂੰ ਹੀ ਦੇਣਾ ਪਸੰਦ ਕਰਦੇ ਹਨ। ਰੀਅਲ ਅਸਟੇਟ ਵਾਲੇ ਬਾਹਰੋਂ ਆਏ ਲੋਕਾਂ ਨੂੰ ਕਿਰਾਏ ‘ਤੇ ਘਰ ਦੇਣਾ ਪਸੰਦ ਕਰਦੇ ਹਨ, ਜਿਨ੍ਹਾਂ ‘ਚ ਵਿਦਿਆਰਥੀ ਤੇ ਕੰਮਾਂਕਾਰਾਂ ਦੇ ਵੀਜ਼ਿਆਂ ‘ਤੇ ਆਏ ਲੋਕ ਸ਼ਾਮਿਲ ਹੁੰਦੇ ਹਨ। ਰੀਅਲ ਅਸਟੇਟ ਦੇ ਦਫ਼ਤਰ ਤੋਂ ਕਿਰਾਏ ਦੇ ਘਰਾਂ ਦੀ ਲਿਸਟ ਲੈ ਕੇ ਤੁਸੀਂ ਪੰਜਾਹ ਡਾਲਰ ਜਮ੍ਹਾਂ ਕਰਵਾ ਕੇ ਆਪਣੀ ਕੋਈ ਵੀ ਫੋਟੋ ਆਈ.ਡੀ. ਦੇ ਕੇ ਇਕ ਘੰਟੇ ਦੇ ਸਮੇਂ ‘ਚ ਘਰ ਚੰਗੀ ਤਰ੍ਹਾਂ ਵੇਖ ਸਕਦੇ ਹੋ, ਜੋ ਤੁਸੀਂ ਲੈਣਾ ਚਾਹੁੰਦੇ ਹੋ। ਜੇਕਰ ਪਸੰਦ ਆ ਗਿਆ ਹੋਵੇ ਤਾਂ ਤੁਸੀਂ ਫਾਰਮ ਭਰ ਕੇ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਘਰ ਲੈ ਸਕਦੇ ਹੋ। ਇਕ ਸਾਲ ਤੋਂ ਘੱਟ ਬਹੁਤਿਆਂ ਘਰਾਂ ਦੀ ਲੀਜ਼ ਸਾਈਨ ਨਹੀਂ ਕਰ ਸਕਦੇ। ਰੀਅਲ ਅਸਟੇਟ ਵਾਲੇ ਕਈ ਤਰ੍ਹਾਂ ਦੀਆਂ ਸ਼ਰਤਾਂ ਵਾਲੇ ਫਾਰਮਾਂ ‘ਤੇ ਦਸਤਖ਼ਤ ਕਰਵਾਉਂਦੇ ਹਨ। ਘਰ ਲੈਣ ਵਾਲੇ ਸਾਈਨ ਕਰ-ਕਰ ਥੱਕ ਜਾਂਦੇ ਹਨ, ਉਹ ਸਭ ਸ਼ਰਤਾਂ ਮੰਨਵਾਉਂਦੇ ਹਨ। ਕਈ ਵਾਰ ਝੂਠ ਵੀ ਬੋਲਦੇ ਹਨ ਕਿ ਜੋ ਕੰਮ ਨਹੀਂ ਹੋਇਆ, ਟੁੱਟ-ਭੱਜ ਉਹ ਠੀਕ ਕਰਵਾ ਦੇਣਗੇ ਪਰ ਜੇਕਰ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਘਰ ਲੈਣ ਵਾਲਾ ਆਦਮੀ ਇਥੇ ਕਿਸੇ ਵੀਜ਼ੇ ‘ਤੇ ਹੈ ਤਾਂ ਕੋਈ ਵੀ ਕੰਮ ਸਮੇਂ ਸਿਰ ਨਹੀਂ ਕਰਵਾਇਆ ਜਾਂਦਾ।
ਰੀਅਲ ਅਸਟੇਟਾਂ ਵਾਲਿਆਂ ਦੇ ਕਈ ਵਾਰ ਘਰ ਕਾਫੀ ਸਮੇਂ ਤੱਕ ਕਿਰਾਏ ‘ਤੇ ਨਹੀਂ ਚਡ਼੍ਹਦੇ। ਉਹ ਬੋਰਡ ਲਗਾਈ ਰੱਖਦੇ ਹਨ। ਜਦੋਂ ਕੋਈ ਕਾਫੀ ਸਮੇਂ ਤੱਕ ਘਰ ਕਿਰਾਏ ‘ਤੇ ਨਹੀਂ ਚਡ਼੍ਹਦਾ ਤਾਂ ਉਹ ਕੋਸ਼ਿਸ਼ ਕਰਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਘਰ ਲੋਡ਼ਵੰਦ ਬੰਦੇ ਨੂੰ ਕਿਰਾਏ ‘ਤੇ ਦੇ ਦਿੱਤਾ ਜਾਵੇ। ਕਈ ਘਰ ਬਹੁਤ ਹੀ ਪੁਰਾਣੇ ਹੁੰਦੇ ਜੋ ਇਥੋਂ ਦੇ ਗੋਰੇ ਲੋਕ ਪਸੰਦ ਨਹੀਂ ਕਰਦੇ। ਉਸ ਤਰ੍ਹਾਂ ਦੇ ਡਿੰਗੂ-ਡਿੰਗੂ ਕਰਦੇ ਘਰ ਰੀਅਲ ਅਸਟੇਟ ਵਾਲੇ ਸਿਰਫ ਉਨ੍ਹਾਂ ਲੋਕਾਂ ਨੂੰ ਦੇਣਾ ਪਸੰਦ ਕਰਦੇ ਹਨ, ਜਿਹਡ਼ੇ ਮਜਬੂਰ ਹੋਣ, ਜਿਨ੍ਹਾਂ ਨੂੰ ਕਿਧਰੇ ਘਰ ਮਿਲ ਨਾ ਰਿਹਾ ਹੋਵੇ। ਜੇਕਰ ਇਹ ਪਤਾ ਲੱਗ ਜਾਵੇ ਕਿ ਇਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਤਾਂ ਫਟਾਫਟ ਉਹ ਚਤੁਰਾਈ ਵਰਤ ਕੇ ਸ਼ਿਕਾਰ ਫਸਾ ਲੈਂਦੇ ਹਨ। ਬਹੁਤਾ ਕਰਕੇ ਵਿਦੇਸ਼ੀ ਵਿਦਿਆਰਥੀ ਫਸ ਜਾਂਦੇ ਹਨ, ਜੋ ਨਵੇਂ-ਨਵੇਂ ਆਏ ਹੁੰਦੇ ਹਨ। ਫਿਰ ਉਸ ਤੋਂ ਬਾਅਦ ਪੁਰਾਣੇ ਘਰ ‘ਚ ਕੋਈ ਵੀ ਚੀਜ਼ ਠੀਕ ਨਹੀਂ ਹੁੰਦੀ ਤੇ ਕਿਰਾਏਦਾਰ ਲਗਾਤਾਰ ਸ਼ਿਕਾਇਤ ਕਰਦੇ ਹਨ ਰੀਅਲ ਅਸਟੇਟ ਨੂੰ। ਪਰ ਅਕਸਰ ਘਰ ਠੀਕ ਨਹੀਂ ਕਰਵਾਇਆ ਜਾਂਦਾ।
ਘਰ ਕਿਰਾਏ ‘ਤੇ ਲੈਣ ਤੋਂ ਬਾਅਦ ਰੀਅਲ ਅਸਟੇਟ ਤੁਹਾਨੂੰ ਘਰ ਦੀ ਸਥਿਤੀ ਸਬੰਧੀ ਕੰਡੀਸ਼ਨ ਰਿਪੋਰਟ ਪੰਦਰਾਂ ਦਿਨਾਂ ‘ਚ ਵਾਪਸ ਕਰਨ ਬਾਰੇ ਵੀ ਕਹਿੰਦਾ ਹੈ, ਜਿਸ ‘ਚ ਸਾਰੇ ਘਰ ਦੀ ਇਕ-ਇਕ ਚੀਜ਼ ਬਾਰੇ ਲਿਖਿਆ ਹੁੰਦਾ ਹੈ, ਜੋ ਟੁੱਟ-ਭੱਜ ਹੁੰਦੀ ਹੈ, ਸਭ ਲਿਖ ਕੇ ਉਨ੍ਹਾਂ ਨੂੰ ਵਾਪਸ ਕਰਨੀ ਪੈਂਦੀ ਹੈ। ਬਹੁਤੇ ਲੋਕ ਉਹ ਰਿਪੋਰਟ ਵਾਪਸ ਹੀ ਨਹੀਂ ਕਰਦੇ ਤੇ ਜਦੋਂ ਘਰ ਛੱਡਣ ਦੀ ਵਾਰੀ ਆਉਂਦੀ ਹੈ ਤਾਂ ਰੀਅਲ ਅਸਟੇਟ ਵਾਲੇ ਲੋਕ ਪੁਰਾਣੇ ਘਰ ‘ਚੋਂ ਨੁਕਸ ਕੱਢਦੇ ਨਹੀਂ ਥੱਕਦੇ। ਜੇਕਰ ਆਪਾਂ ਉਹ ਰਿਪੋਰਟ ਉਨ੍ਹਾਂ ਨੂੰ ਵਾਪਸ ਕਰ ਦੇਈਏ ਤਾਂ ਕਾਫੀ ਬਚਾਅ ਹੋ ਜਾਂਦਾ ਹੈ।
ਰੀਅਲ ਅਸਟੇਟ ਜੇਕਰ ਧੱਕਾ ਕਰਦਾ ਹੋਵੇ ਤਾਂ ਇਨ੍ਹਾਂ ਉੱਪਰ ਵੀ ਕਾਨੂੰਨ ਹੈ। ਜਿਸ ਘਰ ਦਾ ਤੁਸੀਂ ਕਿਰਾਇਆ ਦੇ ਰਹੇ ਹੋਵੋ, ਉਸ ਦੀ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਵਾਉਣ ਦੀ ਜ਼ਿੰਮੇਵਾਰੀ ਵੀ ਰੀਅਲ ਅਸਟੇਟ ਦੀ ਹੀ ਬਣਦੀ ਹੈ। ਕਈ ਤਾਂ ਕੁਝ ਕਰਵਾਉਣਾ ਹੀ ਨਹੀਂ ਚਾਹੁੰਦੇ। ਉਸ ਸਮੇਂ ਕਿਰਾਏਦਾਰ ਸੰਪਰਕ ਕਰ ਸਕਦਾ ਹੈ ਕਿਰਾਏਦਾਰ ਯੂਨੀਅਨ ਦਫ਼ਤਰ ਨਾਲ। ਇਸ ਦਫ਼ਤਰ ਜਾ ਕੇ ਤੁਸੀਂ ਆਪਣੀ ਸ਼ਿਕਾਇਤ ਦੱਸ ਸਕਦੇ ਹੋ ਅਤੇ ਇਹ ਲੋਕ ਤੁਹਾਡੀ ਹਰ ਸੰਭਵ ਮਦਦ ਕਰਦੇ ਹਨ। ਜੇਕਰ ਅਦਾਲਤ ‘ਚ ਜਾ ਕੇ ਹੀ ਨਿਪਟਾਰਾ ਹੋਣਾ ਹੋਵੇ ਤਾਂ ਇਹ ਆਪਣੇ ਵਕੀਲ ਦੇ ਨਾਲ ਅਦਾਲਤੀ ਕਾਰਵਾਈ ‘ਚ ਵੀ ਤੁਹਾਡਾ ਸਾਥ ਦਿੰਦੇ ਹਨ। ਰੀਅਲ ਅਸਟੇਟ ਨੇ ਜੇਕਰ ਧੱਕਾ ਕੀਤਾ ਹੋਵੇ ਤਾਂ ਕਈ ਵਾਰ ਮੁਆਵਜ਼ਾ ਵੀ ਮਿਲ ਜਾਂਦਾ ਹੈ ਤੇ ਦਿੱਤਾ ਗਿਆ ਕਿਰਾਇਆ ਵੀ ਵਾਪਸ ਮਿਲਦਾ ਹੈ। ਤੁਹਾਡੇ ਸਾਰੇ ਸਬੂਤ ਹੋਣੇ ਜ਼ਰੂਰੀ ਹਨ ਕਿ ਤੁਸੀਂ ਕਿੰਨੀ ਵਾਰ ਸ਼ਿਕਾਇਤ ਕੀਤੀ ਹੈ ਕਿ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ। 24 ਘੰਟਿਆਂ ‘ਚ ਤੁਹਾਡੀ ਸ਼ਿਕਾਇਤ ‘ਤੇ ਕਾਰਵਾਈ ਹੋਣੀ ਜ਼ਰੂਰੀ ਹੈ।
ਜਦੋਂ ਕਿਸੇ ਕਿਰਾਏਦਾਰ ਨੇ ਪੁਰਾਣਾ ਹੋਣ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਘਰ ਛੱਡਣਾ ਹੋਵੇ ਤਾਂ ਰੀਅਲ ਅਸਟੇਟ ਵਾਲੇ ਉਸ ਨੂੰ ਨਵਾਂ ਘਰ ਲੈਣ ਨਹੀਂ ਦਿੰਦੇ ਕਿਉਂਕਿ ਜਦੋਂ ਨਵੇਂ ਘਰ ਦਾ ਫਾਰਮ ਭਰਿਆ ਜਾਂਦਾ ਹੈ ਤਾਂ ਉਸ ‘ਚ ਪੁਰਾਣਾ ਰਿਕਾਰਡ ਲਿਖਣਾ ਪੈਂਦਾ ਹੈ ਕਿ ਤੁਸੀਂ ਕਿਥੇ ਰਹੇ, ਕਿਸ ਰੀਅਲ ਅਸਟੇਟ ਕੋਲ ਸੀ, ਨੰਬਰ ਆਦਿ ਲਿਖਣਾ ਪੈਂਦਾ ਹੈ। ਜੇਕਰ ਕਿਸੇ ਰੀਅਲ ਅਸਟੇਟ ਵਾਲੇ ਨਾਲ ਪੰਗਾ ਪੈ ਗਿਆ ਹੋਵੇ, ਇਹ ਭੁੱਲ ਜਾਓ ਕਿ ਉਹ ਤੁਹਾਨੂੰ ਨਵਾਂ ਘਰ ਲੈਣ ‘ਚ ਮਦਦ ਕਰੇਗਾ। ਜਦੋਂ ਉਸ ਨੂੰ ਨਵੀਂ ਰੀਅਲ ਅਸਟੇਟ ਫੋਨ ਕਰਦੀ ਹੈ ਕਿ ਇਹ ਕਿਰਾਏਦਾਰ ਕਿਸ ਤਰ੍ਹਾਂ ਦਾ ਸੀ ਤਾਂ ਫਿਰ ਉਹ ਸਾਰਾ ਗੁਬਾਰ ਕੱਢ ਦਿੰਦੇ ਹਨ। ਇਸ ਤਰ੍ਹਾਂ ਦੀਆਂ ਕਾਰਵਾਈਆਂ ਸਿਰਫ ਵਿਦਿਆਰਥੀ ਲੋਕਾਂ ਨਾਲ ਹੀ ਕੀਤੀਆਂ ਜਾਂਦੀਆਂ ਹਨ।
ਘਰ ਕਿਰਾਏ ‘ਤੇ ਚਡ਼੍ਹਾਉਣ ਵਾਲੀਆਂ ਰੀਅਲ ਅਸਟੇਟਾਂ ਵੀ ਸ਼ਿਕਾਇਤ ਕਰਦੀਆਂ ਹਨ ਕਿ ਵਿਦਿਆਰਥੀ ਲੋਕ ਸਫਾਈ ਨਹੀਂ ਰੱਖਦੇ। ਜੇਕਰ ਉਹ ਗੰਦਗੀ ਆਦਿ ਦੀਆਂ ਤਸਵੀਰਾਂ ਲੈ ਲੈਣ ਤਾਂ ਫਿਰ ਉਹ ਆਪਣੀ ਮਨਮਰਜ਼ੀ ਕਰ ਸਕਦੇ ਹਨ। ਇਥੇ ਕਿਰਾਏ ਦੇ ਘਰਾਂ ਨੂੰ ਸਾਫ਼-ਸੁਥਰਾ ਰੱਖਣ ਦੀ ਜ਼ਿੰਮੇਵਾਰੀ ਰਹਿਣ ਵਾਲੇ ਦੀ ਹੈ। ਹਰ ਤਰ੍ਹਾਂ ਦੀ ਸਫ਼ਾਈ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਇਹ ਸਾਰੀਆਂ ਗੱਲਾਂ ‘ਚ ਆਪਾਂ ਸਹੀ ਹਾਂ ਤਾਂ ਫਿਰ ਵੀ ਰੀਅਲ ਅਸਟੇਟ ਘਰ ਦਾ ਕੰਮ ਨਹੀਂ ਕਰਵਾ ਰਿਹਾ ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ। ਹਰ ਚਿੱਠੀ-ਪੱਤਰ ਦਾ ਸਬੂਤ ਆਪਣੇ ਕੋਲ ਜ਼ਰੂਰ ਰੱਖੋ, ਇਹ ਅਤਿ ਜ਼ਰੂਰੀ ਹੈ। ਅਦਾਲਤੀ ਕਾਰਵਾਈ ‘ਚ ਤਾਂ ਸਬੂਤ ਹੀ ਮੰਗੇ ਜਾਣਗੇ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>